ਮੇਰੀ ਮਾਂ ਮੇਰਾ ਰੱਬ, ਇਸ ਜਹਾਨੋਂ ਕੂਚ ਕਰ ਗਿਆ
HTML-код
- Опубликовано: 9 фев 2025
- ਮੇਰੀ ਮਾਂ ਮੇਰਾ ਰੱਬ, ਇਸ ਜਹਾਨੋਂ ਕੂਚ ਕਰ ਗਿਆ
ਮੇਰੀ ਮਾਂ ਦੋ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ, ਸੱਚ ਮੁੱਚ ਜੋ ਘਾਟ ਉਨ੍ਹਾਂ ਵੱਲੋਂ ਇਸ ਫਾਨੀ ਸੰਸਾਰ ਅਲਵਿਦਾ ਕਹਿ ਜਾਣ ਮਗਰੋਂ ਮਹਿਸੂਸ ਹੋਈ ਹੈ ਉਸ ਨੂੰ ਸ਼ਬਦਾਂ ਚ ਨਹੀਂ ਬਿਆਨਿਆ ਜਾ ਸਕਦਾ ਕਿਉਂਕਿ ਉਹ ਮੇਰਾ ਰੱਬ, ਉਹ ਮੇਰਾ ਖੁਦਾ, ਉਹ ਮੇਰਾ ਰਹਿਬਰ ਸੀ ਜਿਸ ਦੇ ਚਰਨਾਂ ਨੂੰ ਛੋਹ ਕੇ ਸਕੂਨ ਮਿਲਦਾ ਸੀ, ਸ਼ਾਂਤੀ ਨਸੀਬ ਹੁੰਦੀ ਸੀ ਤੇ ਦਿਨ ਭਰ ਦੀ ਥਕਾਨ ਖਤਮ ਹੋ। ਮਾਂ ਦੇ ਚਲੇ ਜਾਣ ਮਗਰੋਂ ਬੋਹੜ ਦੀ ਠੰਡੀ ਛਾਂ ਤੇ ਤੁਰਦੇ ਫਿਰਦੇ ਰੱਬ ਨੂੰ ਦੇਖਣ ਤੋਂ ਸੱਖਣਾ ਹੋ ਗਿਆ ਹਾਂ। ਸਾਥੀਓ ਜਿਨਾਂ ਦੀਆਂ ਮਾਵਾਂ ਜਿਉਂਦੀਆਂ ਨੇ ਉਹ ਸੱਚ ਮੁੱਚ ਖੁਸ਼ਕਿਸਮਤ ਨੇ ਮੈਂ ਰੱਬ ਅੱਗੇ ਦੁਆ ਕਰਦਾ ਹੇ ਮਾਲਕ ਕਿਸੇ ਦੀ ਮਾਂ ਨਾ ਖੋਹੀਈ। ਮਾਂ ਬਾਰੇ ਲਿਖੀਆਂ ਕੁਝ ਸਤਰਾਂ ਇਸ ਤਰਾਂ ਹਨ।
ਮਾਂ ਮੇਰੀ ਘਣਛਾਵਾਂ ਬੂਟਾ,
ਯਾਰੋ ਰੱਬ ਦਾ ਦੂਜਾ ਨਾਂ।
ਬਾਜੋਂ ਇਸ ਦੇ ਕੋਈ ਨਾ ਪੁੱਛੇ
ਹੱਥੋਂ ਟੁਕੜੇ ਖੋਹ ਲੈਂਦੇ ਨੇ ਕਾਂ।
ਮਾਮੀ, ਮਾਸੀ, ਤਾਈਂ, ਚਾਚੀ,
ਭੂਆ ਲੈ ਨਾ ਸੱਕੇ ਏਦ੍ਹੀ ਥਾਂ।
ਸੁੱਕੇ ਪਾਵੇ, ਗਿੱਲੇ ਸੋਵੇਂ, ਰੋਵਾਂ,
ਝੱਟ ਲੈ ਤੁਰੇ ਦੇਖੇ ਧੁੱਪ ਨਾ ਛਾਂ।
ਖ਼ੁਸ਼ੀਆਂ ਦੇ ਵਿੱਚ ਖੀਵੀ ਹੋਵੇ,
ਫੜ ਉਂਗਲੀ ਜਦ ਤੁਰਦਾ ਸਾਂ।
ਦੇ ਅਸੀਸਾਂ, ਗੁਨਾਹ ਹਰਲਵੇ,
ਜਦ ਨਿਵ ਕੇ ਮੱਥਾ ਟੇਕਣ ਜਾਂ।
ਮਾਂ ਦੀ ਮਮਤਾ, ਦੇਵੇ ਹੁਲਾਰੇ
ਜਦ ਵੀ ਰੁਸੀ ਨੂੰ ਮਨਾਵਾਂ ਤਾਂ।
ਬਾਬੇ ਧਰਤ ਦਾ ਦਿੱਤਾ ਦਰਜਾ
ਗੋਦ 'ਚ ਵੱਸਦੇ ਪਿੰਡ ਜਹਾਂ ।
ਨਿਮਾਜ਼ਾਂ ਤੇ ਗੁਰਧਾਮ ਦੇਖਣੇ
ਕਰ ਸੇਵਾ ਮਿਲੇਗੀ ਠੰਡੀ ਥਾਂ।
ਲੋੜ ਪਈ ਪੁੱਤਰਾਂ ਦੇ ਹਾਰ ਪਰੋਏ
ਪੀਸਣ ਪੀਸੇ ਰਤਾ ਵੀ ਡੋਲੇ ਨਾਂ।
ਮਾਂ, ਸਿਰਫ਼ ਇਕ ਸ਼ਬਦ ਨਹੀਂ, ਜੀਵਨ ਦੀ ਉਹ ਭਾਵਨਾ ਹੈ ਜਿਸ ਵਿਚ ਪਿਆਰ, ਧੀਰਜ, ਭਰੋਸਾ ਅਤੇ ਹੋਰ ਬਹੁਤ ਕੁਝ ਸਮਾਇਆ ਹੈ। ਦੁਨੀਆ ਦਾ ਕੋਈ ਵੀ ਕੋਨਾ, ਦੇਸ਼ ਜਾਂ ਖੇਤਰ ਹੋਵੇ, ਹਰ ਬੱਚੇ ਦੇ ਮਨ ’ਚ ਆਪਣੀ ਮਾਂ ਪ੍ਰਤੀ ਅਨਮੋਲ ਸਨੇਹ ਹੁੰਦਾ ਹੈ। ਮਾਂ ਸਿਰਫ਼ ਸਾਨੂੰ ਜਨਮ ਹੀ ਨਹੀਂ ਦਿੰਦੀ ਹੈ, ਉਹ ਸਾਡਾ ਦਿਮਾਗ, ਸਾਡੀ ਸ਼ਖ਼ਸੀਅਤ ਅਤੇ ਸਾਡੇ ਆਤਮ ਵਿਸ਼ਵਾਸ ਨੂੰ ਵੀ ਘੜ ਕੇ, ਸਾਨੂੰ ਸਮਾਜ ਵਿੱਚ ਵਿਚਰਨਾ ਸਿਖਾਉਂਦੀ ਹੈ, ਸਮਾਜ ਦੇ ਹਾਣੀ ਬਣਾਉਂਦੀ ਹੈ । ਉਹ ਆਪਣੀ ਔਲਾਦ ਦੇ ਲਈ ਖੁਦ ਨੂੰ ਖਪਾ ਦਿੰਦੀ ਹੈ, ਖੁਦ ਨੂੰ ਭੁਲਾ ਦਿੰਦੀ ਹੈ। ਇਸੇ ਕਰਕੇ ਮਾਂ ਨੂੰ ਸਿੱਖ ਫਲਸਫੇ ਨੇ ਉਹ ਮਾਣ ਸਨਮਾਨ ਤੇ ਸਤਿਕਾਰ ਦਿੱਤਾ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਪ੍ਰਥਮ ਪਾਤਿਸ਼ਾਹ ਗੁਰੂ ਨਾਨਕ ਮਾਹਰਾਜ ਜੀ ਨੇ ਮਾਂ ਨੂੰ ਮਾਤ ਧਰਤਿ ਮਹਤੁ ਬਿਆਨਿਆ ਹੈ ਕਿਉਂਕਿ ਧਰਤੀ ਦੁਨੀਆ ਦੀ ਹਰ ਪਵਿੱਤਰਤਾ ਤੇ ਮਹਾਂ-ਗ਼ੰਦਗੀ ਨੂੰ ਜਿਵੇਂ ਆਪਣੇ ਵਿੱਚ ਸਮੋ ਕੇ ਸਾਨੂੰ ਫ਼ਲ, ਸਬਜ਼ੀਆਂ ਅਤੇ ਖਾਣ ਅਨਾਜ ਦਿੰਦੀ ਹੈ, ਇਸੇ ਤਰ੍ਹਾਂ ਮਾਂ ਆਪਣੇ ਧੀਆਂ, ਪੁੱਤਰਾਂ ਦੀਆਂ ਬੁਰਾਈਆਂ, ਇਛਾਈਆਂ ਨੂੰ ਆਪਣੇ ਹਿਰਦੇ ਵਿਚ ਸਮੋਈ ਰੱਖਦੀ ਹੈ, ਤੇ ਕਦੇ ਕਿਸੇ ਅੱਗੇ ਨਹੀਂ ਚਿਤਾਰਦੀ, ਸ਼ਇਦ ਇਸੇ ਕਰਕੇ ਧਾਰਮਿਕ ਸਖਸ਼ੀਅਤਾਂ, ਬੁਧੀਜੀਵੀਆਂ, ਵਿਦਵਾਨਾਂ ਨੇ ਮਾਂ ਨੂੰ ਰੱਬ ਦੀ ਮੂਰਤ, ਸੁਵਰਗ ਤੇ ਬੋਹੜ ਦੀ ਠੰਡੀ ਛਾਂ ਆਦਿ ਅਲੰਕਾਰਾਂ ਨਾਲ ਨਿਵਾਜਿਆ ਹੈ। ਇਸਲਾਮ ਧਰਮ ਨੇ ਮਾਂ ਦੇ ਪੈਰਾਂ ਹੇਠ ਜੰਨਤ ਦੱਸ ਕੇ ਵੱਡਾ ਮਾਣ ਦਿੱਤਾ ਹੈ, ਦੇ ਰਿਹਾ ਹੈ ਅਤੇ ਦਿੰਦਾ ਰਹੇਗਾ। ਮੇਰੇ ਮਾਂ ਬਲਵੀਰ ਕੌਰ ਜੀ 75 ਦੀ ਉਮਰ ਭੋਗ ਕੇ 11 ਜਨਵਰੀ 2023 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੇ ਸਵਰਗ ਸਿਧਾਰ 'ਤੇ ਦਾਸ ਤੇ ਦਾਸ ਦਾ ਪਰਿਵਾਰ ਮਿੱਠੀਆਂ, ਕੁਸੈਲੀਆਂ, ਅਸੀਸਾਂ, ਦੁਆਵਾਂ, ਮਮਤਾ ਦੇ ਨਿੱਘ ਅਤੇ ਮਾਂ ਦੇ ਪਿਆਰ ਤੋਂ ਸਾਦਾਂ ਲਈ ਵਾਂਝਾ ਹੋ ਗਿਆ, ਭਾਵੇਂ ਕਿ ਮਾਂ ਰੱਬ ਵਾਂਗ ਮੇਰੇ ਅਤੇ ਮੇਰੇ ਦੇ ਪਰਿਵਾਰ ਦੇ ਅੰਗ ਸੰਗ ਹੈ ਪਰ ਮਾਂ ਦੇ ਵਿਛੋੜੇ ਮਗਰੋਂ ਘਰ, ਵਿਹੜਾ, ਮੁਹੱਲਾ, ਮਹਿਫਲਾਂ,ਅਤੇ ਪਿੰਡ ਸੁਨਾਂ ਸੁਨਾਂ ਲੱਗਦਾ ਹੈ। ਇਸ ਖੱਲਾਅ ਨੂੰ ਸਿਵਾਏ ਅਕਾਲ ਪੁਰਖ ਦੇ ਕੋਈ ਭਰ ਨਹੀਂ ਸਕਦਾ, ਅੱਜ ਵੀ ਸਮਾਜ ਵਿੱਚ ਵਿਚਰਦਿਆਂ ਰੱਬ ਰੂਪੀ ਮਾਂ ਦੀ ਘਾਟ ਮਹਿਸੂਸ ਹੁੰਦੀ ਹੈ। ਅੱਜ ਵੀ ਘਾਟ ਮਹਿਸੂਸ ਹੁੰਦੀ ਹੈ ਤੇ ਹੁੰਦੀਂ ਰਹੇਗੀ।
ਗੁਰਨਾਮ ਸਿੰਘ ਚੌਹਾਨ 9463037399